ਪਟਿਆਲਾ ਦਾ ਰਜਿੰਦਰਾ ਹਸਪਤਾਲ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ, ਕੰਟੀਨ ਮਾਲਕ ਅਤੇ ਪ੍ਰਸ਼ਾਸਨ ਵਿਚਾਲੇ ਤਣਾਅ ਵਧਿਆ

News99punjab

ਪਟਿਆਲਾ, 2 ਨਵੰਬਰ 2025:
ਰਾਜ ਦੇ ਪ੍ਰਸਿੱਧ ਰਜਿੰਦਰਾ ਹਸਪਤਾਲ ਦਾ ਨਾਮ ਇਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਇਸ ਵਾਰ ਮਾਮਲਾ ਹੈ ਹਸਪਤਾਲ ਦੇ ਕੰਟੀਨ ਕਮਰਿਆਂ ਨੂੰ ਲੈ ਕੇ ਕੰਟੀਨ ਮਾਲਕਾਂ ਅਤੇ ਹਸਪਤਾਲ ਪ੍ਰਸ਼ਾਸਨ ਵਿਚਾਲੇ ਹੋਏ ਭਾਰੀ ਵਿਵਾਦ ਦਾ। ਅੱਜ ਸਵੇਰੇ ਚਾਰ ਨੰਬਰ ਵਾਰਡ ਦੇ ਨੇੜੇ ਟੈਂਡਰ ਰਾਹੀਂ ਚਲਾਈ ਜਾ ਰਹੀ ਕੰਟੀਨ ਦੇ ਮਾਲਕਾਂ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਹੰਗਾਮਾ ਕੀਤਾ।

ਕੰਟੀਨ ਮਾਲਕਾਂ ਦਾ ਦੋਸ਼ ਹੈ ਕਿ ਰਜਿੰਦਰਾ ਹਸਪਤਾਲ ਦੇ ਕਰਮਚਾਰੀਆਂ ਨੇ ਅਚਾਨਕ ਆ ਕੇ ਉਹਨਾਂ ਦੇ ਅਲਾਟ ਕੀਤੇ ਕਮਰਿਆਂ ਨੂੰ ਤੋੜ ਦਿੱਤਾ ਅਤੇ ਜਬਰਦਸਤੀ ਉੱਥੇ ਕਬਜ਼ਾ ਕਰ ਲਿਆ। ਮੌਕੇ ’ਤੇ ਪੁਲਿਸ ਟੀਮ ਨੂੰ ਵੀ ਸਥਿਤੀ ’ਤੇ ਕਾਬੂ ਪਾਉਣ ਲਈ ਬੁਲਾਇਆ ਗਿਆ। ਕੰਟੀਨ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਇਹ ਕੰਮਰੇ ਟੈਂਡਰ ਰਾਹੀਂ ਚਲਾ ਰਹੇ ਹਨ ਅਤੇ ਅਜੇ ਉਹਨਾਂ ਦਾ ਟੈਂਡਰ ਸਮਾਂ ਵੀ ਖ਼ਤਮ ਨਹੀਂ ਹੋਇਆ।

ਇਸ ਦੇ ਬਾਵਜੂਦ, ਮੈਡੀਕਲ ਸੁਪਰਡੈਂਟ ਵਿਸ਼ਾਲ ਚੋਪੜਾ ਵੱਲੋਂ ਜਬਰਦਸਤੀ ਇਹ ਕਮਰੇ ਖਾਲੀ ਕਰਵਾਏ ਜਾ ਰਹੇ ਹਨ। ਕੰਟੀਨ ਮਾਲਕਾਂ ਨੇ ਮੈਡੀਕਲ ਸੁਪਰਡੈਂਟ ’ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਕਾਰਵਾਈ ਦੇ ਪਿੱਛੇ ਉਨ੍ਹਾਂ ਦੀ ਨੀਅਤ ਸਾਫ਼ ਨਹੀਂ ਹੈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਅਧਿਕਾਰਕ ਨੋਟਿਸ ਦੇ ਕਮਰੇ ਤੋੜਣਾ ਅਤੇ ਕਬਜ਼ਾ ਕਰਨਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ।

ਮਾਲਕਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਸ ਮਾਮਲੇ ਨੂੰ ਕੋਰਟ ਵਿੱਚ ਲੈ ਕੇ ਜਾਣਗੇ, ਕਿਉਂਕਿ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਿਰਫ਼ ਟਕਰਾਓ ਦੀ ਸਥਿਤੀ ਨੂੰ ਰੋਕਣ ਲਈ ਹਿੱਸਾ ਲਿਆ ਗਿਆ ਸੀ ਤਾਂ ਜੋ ਹਸਪਤਾਲ ਦੇ ਅੰਦਰ ਕੋਈ ਵੱਡੀ ਗੜਬੜ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਹਸਪਤਾਲ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਪੱਧਰ ’ਤੇ ਹੋਵੇਗੀ।

ਦੂਜੇ ਪਾਸੇ, ਜਦੋਂ ਮੈਡੀਕਲ ਸੁਪਰਡੈਂਟ ਵਿਸ਼ਾਲ ਚੋਪੜਾ ਨਾਲ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਸੇ ਵੀ ਪ੍ਰਤੀਕ੍ਰਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਨੇ ਸਿਰਫ਼ ਇਨਾ ਕਿਹਾ ਕਿ ਮਾਮਲਾ ਪ੍ਰਸ਼ਾਸਨਿਕ ਹੈ ਅਤੇ ਜੋ ਵੀ ਕਾਰਵਾਈ ਹੋਈ ਹੈ, ਉਹ ਨਿਯਮਾਂ ਅਨੁਸਾਰ ਕੀਤੀ ਗਈ ਹੈ।

ਹਾਲਾਂਕਿ, ਹਸਪਤਾਲ ਦੇ ਕਰਮਚਾਰੀਆਂ ਅਤੇ ਕੰਟੀਨ ਸਟਾਫ਼ ਵਿਚਾਲੇ ਤਣਾਅ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਪ੍ਰਸ਼ਾਸਨਿਕ ਪੱਧਰ ’ਤੇ ਇਸ ਮਾਮਲੇ ਦੀ ਜਾਂਚ ਆਉਣ ਵਾਲੇ ਦਿਨਾਂ ਵਿੱਚ ਹੋਵੇਗੀ।

ਇਹ ਪਹਿਲੀ ਵਾਰ ਨਹੀਂ ਕਿ ਰਜਿੰਦਰਾ ਹਸਪਤਾਲ ਕਿਸੇ ਵਿਵਾਦ ਦੇ ਕਾਰਨ ਸੁਰਖੀਆਂ ’ਚ ਆਇਆ ਹੋਵੇ — ਪਹਿਲਾਂ ਵੀ ਪ੍ਰਸ਼ਾਸਨਕ ਬੇਤਰਤੀਬੀਆਂ ਅਤੇ ਠੇਕਿਆਂ ਨੂੰ ਲੈ ਕੇ ਕਈ ਵਾਰ ਇਥੇ ਵਿਵਾਦ ਖੜ੍ਹੇ ਹੋ ਚੁੱਕੇ ਹਨ। ਪਰ ਇਸ ਵਾਰ ਦਾ ਮਾਮਲਾ ਕੰਟੀਨ ਮਾਲਕਾਂ ਅਤੇ ਹਸਪਤਾਲ ਪ੍ਰਸ਼ਾਸਨ ਦੇ ਟਕਰਾਅ ਨੇ ਦੁਬਾਰਾ ਰਜਿੰਦਰਾ ਹਸਪਤਾਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *