News99punjab.
ਤੈਨਕਾਸੀ (ਤਾਮਿਲਨਾਡੂ):
ਤਾਮਿਲਨਾਡੂ ਦੇ ਤੈਨਕਾਸੀ ਜ਼ਿਲ੍ਹੇ ਦੇ ਕਦਾਇਅਨੱਲੂਰ ਨੇੜੇ ਦੁਰੈਸਾਮਿਪੁਰਮ ਇਲਾਕੇ ਵਿੱਚ ਦੋ ਨਿੱਜੀ ਬੱਸਾਂ ਦੀ ਸਿੱਧੀ ਟੱਕਰ ਵਿੱਚ ਛੇ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਪੰਜ ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਦੇ ਅਨੁਸਾਰ ਸਨਕਰਨਕੋਵਿਲ ਤੋਂ ਤੈਨਕਾਸੀ ਆ ਰਹੀ ਬੱਸ ਅਚਾਨਕ ਸਾਹਮਣੇ ਵੱਲੋਂ ਆ ਰਹੀ ਦੂਜੀ ਨਿੱਜੀ ਬੱਸ ਨਾਲ ਟਕਰਾ ਗਈ, ਜਿਸ ਨਾਲ ਦੋਵੇਂ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਅੱਗ ਬੁਝਾਉ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸਾਂ ਰਾਹੀਂ ਤੈਨਕਾਸੀ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਸਾਰੇ ਜ਼ਖ਼ਮੀ ਇਲਾਜ ਅਧੀਨ ਹਨ ਅਤੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੈਨਕਾਸੀ ਦੇ ਜ਼ਿਲ੍ਹਾ ਕਲੇਕਟਰ ਕਮਲ ਕਿਸ਼ੋਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਰਵਿੰਦ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੜਕ ਤੋਂ ਖਰਾਬ ਹੋਈਆਂ ਬੱਸਾਂ ਨੂੰ ਹਟਾਉਣ ਦੇ ਕੰਮ ਦੀ ਨਿਗਰਾਨੀ ਕੀਤੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਸੜਕ ‘ਤੇ ਆਵਾਜਾਈ ਸੁਚਾਰੂ ਕਰਨ ਲਈ ਰੈਸਕਿਊ ਅਤੇ ਕਲੀਅਰੰਸ ਓਪਰੇਸ਼ਨ ਜਾਰੀ ਹੈ।
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਨੇ ਇਸ ਦੁੱਖਦਾਈ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁਖ ਪ੍ਰਗਟ ਕੀਤਾ ਹੈY ਅਤੇ ਜ਼ਖ਼ਮੀਆਂ ਦੇ ਜਲਦੀ ਚੰਗੇ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਜ਼ਿਲ੍ਹਾ ਇੰਚਾਰਜ ਮੰਤਰੀ ਅਤੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਉੱਚ-ਸਤ੍ਹਾ ਦਾ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
