ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਮੁੜ ਹੋਈ ਦਸਤਾਰਬੰਦੀ

ਸਤਪਾਲ ਸ਼ਰਮਾਂ

ਤਖਤ ਸ਼੍ਰੀ ਕੇਸਗੜ੍ਹ ਸਾਹਿਬ 26 ਅਕਤੂਬਰ 2025:

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਐਤਵਾਰ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਦੁਬਾਰਾ ਪੱਗ ਬੰਨ੍ਹੀ ਗਈ। ਇਸ ਸਮਾਗਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਇਹ ਇਤਿਹਾਸ ‘ਚ ਪਹਿਲਾ ਮੌਕਾ ਹੈ ਜਦੋਂ ਕਿਸੇ ਜਥੇਦਾਰ ਨੂੰ ਮੁੜ ਪੱਗ ਬੰਨ੍ਹਨ ਦਾ ਮੌਕਾ ਮਿਲਿਆ ਹੈ।

ਯਾਦ ਰਹੇ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜਕਾਰੀ ਕਮੇਟੀ ‘ਚ ਸ਼ਾਮਲ ਕਰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ। ਉਸ ਵੇਲੇ ਇਹ ਨਿਯੁਕਤੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਵੱਲੋਂ ਕਾਫ਼ੀ ਵਿਰੋਧ ਦਾ ਵਿਸ਼ਾ ਬਣੀ ਸੀ।

ਉਸ ਸਮੇਂ ਵਿਰੋਧ ਨੂੰ ਦੇਖਦੇ ਹੋਏ, ਐਸਜੀਪੀਸੀ ਵੱਲੋਂ ਗਿਆਨੀ ਗਰਗੱਜ ਨੂੰ ਸਵੇਰੇ ਤਿੰਨ ਵਜੇ ਦੇ ਕਰੀਬ ਗੁਪਤ ਤੌਰ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਚ ਸਿੰਘ ਸਾਹਿਬ ਦੇ ਰੂਪ ‘ਚ ਪੱਗ ਬੰਨ੍ਹੀ ਗਈ ਸੀ। ਇਹ ਗੱਲ ਉਸ ਵੇਲੇ ਵਿਵਾਦ ਦਾ ਕਾਰਨ ਬਣੀ ਸੀ ਅਤੇ ਅਜਿਹਾ ਵਿਰੋਧ ਅਜੇ ਤੱਕ ਜਾਰੀ ਹੈ।ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਗਿਆਨੀ ਗਰਗੱਜ ਦੇ ਹੱਕ ‘ਚ ਤਿਆਰ ਕੀਤਾ।

ਇਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ 25 ਅਕਤੂਬਰ ਨੂੰ ਸ੍ਰੀ ਕੇਸਗੜ੍ਹ ਸਾਹਿਬ ‘ਚ ਗਿਆਨੀ ਗਰਗੱਜ ਨੂੰ ਵਿਧਿਵਤ ਤੌਰ ‘ਤੇ ਪੱਗ ਬੰਨ੍ਹੀ ਜਾਵੇਗੀ।ਅੱਜ ਹੋਏ ਸਮਾਰੋਹ ‘ਚ ਬਾਬਾ ਬਲਬੀਰ ਸਿੰਘ 96 ਕਰੋੜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ, ਇਸ ਸਮੇਂ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਹਾਜ਼ਰੀ ਨਹੀਂ ਭਰੀ। ਇਸ ਮੌਕੇ ਸ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ ਸਮੇਤ ਕਈ ਐਸਜੀਪੀਸੀ ਮੈਂਬਰ ਅਤੇ ਅਕਾਲੀ ਦਲ ਦੇ ਆਗੂ ਮੌਜੂਦ ਸਨ।

Leave a Reply

Your email address will not be published. Required fields are marked *