ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਉੱਪਰ ਫਰੀਦਕੋਟ ਪੁਲਿਸ ਨੇ ਕਸਿਆ ਸ਼ਿਕੰਜਾ

ਸੁਖਜਿੰਦਰ ਸਹੋਤਾ,

ਫ਼ਰੀਦਕੋਟ 24 ਅਕਤੂਬਰ 2025:

ਫਰੀਦਕੋਟ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਲਈ ਸਖ਼ਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਸੜਕਾਂ ‘ਤੇ ਹਾਦਸਿਆਂ ਦੀ ਰੋਕਥਾਮ ਕਰਨਾ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਟ੍ਰੈਫਿਕ ਪੁਲਿਸ ਫਰੀਦਕੋਟ ਵੱਲੋਂ ਸ਼ਹਿਰ ਦੇ ਮੁੱਖ ਮਾਰਗਾਂ, ਬਜਾਰਾਂ, ਜਨਤਕ ਸਥਾਨਾਂ ਉੱਪਰ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਵੱਲੋਂ ਲਗਾਤਾਰ ਨਜਰ ਰੱਖੀ ਜਾ ਰਹੀ ਹੈ।

 

ਫਰੀਦਕੋਟ ਪੁਲਿਸ ਵੱਲੋ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਾਲ-2025 ਦੌਰਾਨ ਹੁਣ ਤੱਕ 16,680 ਚਲਾਨ ਜਾਰੀ ਕੀਤੇ ਗਏ ਹਨ।

ਫਰੀਦਕੋਟ ਟ੍ਰੈਫਿਕ ਪੁਲਿਸ ਵੱਲੋਂ ਤੇਜ ਰਫਤਾਰ ਵਾਹਨਾ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਫਰੀਦਕੋਟ ਜਿਲ੍ਹੇ ਵਿੱਚ ਅਲੱਗ-ਅਲੱਗ ਜਗ੍ਹਾਂ ਪਰ ਸਪੀਡ ਗੰਨ ਦੀ ਮਦਦ ਨਾਲ ਵਿਸ਼ੇਸ਼ ਨਾਕੇ ਲਗਾਏ ਗਏ ਅਤੇ ਤੇਜ ਰਫਤਾਰ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰ ਵਾਹਨ ਚਾਲਕਾਂ ਦੇ ਚਲਾਨ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਸਖ਼ਤੀ ਨਾਲ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤ ਵੀ ਕੀਤੀ ਗਈ।

ਇਹ ਯਤਨ ਟ੍ਰੈਫਿਕ ਵਿਭਾਗ ਵੱਲੋਂ ਵਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਯਾਤਰਾ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਫਰੀਦਕੋਟ ਪੁਲਿਸ ਵੱਲੋਂ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਸਕੂਲਾਂ/ਕਾਲਜਾ, ਪਿੰਡਾ, ਸ਼ਹਿਰਾਂ ਅਤੇ ਸਮਾਜਿਕ ਸੰਸਥਾਨਾ ਉੱਪਰ ਜਾ ਕੇ ਟ੍ਰੈਫਿਕ ਜਾਗਰੂਕਾਂ ਕੈਪਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।

ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਿੰਮੇਵਾਰ ਢੰਗ ਨਾਲ ਵਾਹਨ ਚਲਾਉਣਾ ਸੜਕੀ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ ਅਤੇ ਸਾਡੇ ਲਈ ਸੁਰੱਖਿਅਤ ਸੜਕਾਂ ਸੁਨਿਸ਼ਚਿਤ ਕਰ ਸਕਦਾ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾ ਸਿਰਫ ਜੁਰਮਾਨੇ ਭਰਨੇ ਪਵੇਗੇ, ਸਗੋਂ ਜ਼ਰੂਰੀ ਹੋਣ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚਲਾਈ ਜਾ ਰਹੀ ਵਾਹਨ ਦੀ ਸ਼੍ਰੇਣੀ ਲਈ ਉਚਿਤ ਲਾਇਸੰਸ ਰੱਖਣਾ ਕਾਨੂੰਨੀ ਲੋੜ ਹੈ ਅਤੇ ਨਿਯਮਾਂ ਦੀ ਉਲੰਘਣਾ ਨਾ ਸਿਰਫ਼ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ ਸਗੋਂ ਕਾਨੂੰਨੀ ਕਾਰਵਾਈ ਨੂੰ ਵੀ ਨਿਊਤਾ ਦਿੰਦੀ ਹੈ।

ਐਸ.ਐਸ.ਪੀ ਫਰੀਦਕੋਟ ਵੱਲੋਂ ਨਾਬਾਲਿਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੀ ਸਖਤ ਲੋੜ ਬਾਰੇ ਵੀ ਰੋਸ਼ਨੀ ਪਾਈ ਅਤੇ ਕਿਹਾ ਕਿ ਇਹ ਕੰਮ ਕਾਨੂੰਨੀ ਤੌਰ ‘ਤੇ ਗਲਤ ਅਤੇ ਖਤਰਨਾਕ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਾਬਾਲਿਗ ਵਾਹਨ ਚਲਾਉਂਦੇ ਮਿਲੇ, ਤਾਂ ਮੋਟਰ ਵਾਹਨ ਐਕਟ ਦੇ ਤਹਿਤ ਮਾਤਾ-ਪਿਤਾ ਜਾਂ ਸਰਪ੍ਰਸਤਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਣ ਲਈ ਅਪੀਲ ਕੀਤੀ।

Leave a Reply

Your email address will not be published. Required fields are marked *