ਸੁਖਜਿੰਦਰ ਸਹੋਤਾ
ਫਰੀਦਕੋਟ 10 ਅਕਤੂਬਰ 2025 :
ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਟਾਖਿਆਂ ਦੀ ਵਿਕਰੀ ਲਈ ਥਾਵਾਂ ਨਿਰਧਾਰਿਤ ਕੀਤੀਆਂ ਹਨ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪਟਾਕੇ ਵਿਕਰੇਤਾਵਾਂ ਵੱਲੋਂ ਫਰੀਦਕੋਟ ਵਿਚ ਨਹਿਰੂ ਸਟੇਡੀਅਮ ਵਿਖੇ, ਕੋਟਕਪੂਰਾ ਵਿਖੇ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਗਰਾਊਂਡ ਅਤੇ ਜੈਤੋ ਵਿਖੇ ਤਹਿਸੀਲ ਕੰਪਲੈਕਸ ਦੇ ਅੱਗੇ ਖਾਲੀ ਪਈ ਜਗ੍ਹਾ ਵਿਚ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਖਿਆਂ ਦੀ ਵਿਕਰੀ ਸਿਰਫ ਉਸ ਲਾਇਸੰਸ ਸ਼ੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ, ਜਿਸ ਨੂੰ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ, ਫਰੀਦਕੋਟ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਚਾਹਵਾਨ ਬਿਨੈਕਾਰ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ। ਜਿੰਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਉਪਰੰਤ ਜ਼ਿਲ੍ਹਾ ਫਰੀਦਕੋਟ ਵਿੱਚ ਕੁੱਲ 24 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ।
ਜਿਲ੍ਹਾ ਮੈਜਿਸਟਰੇਟ ਨੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਪਟਾਖਿਆਂ ਲਈ ਨਿਸ਼ਚਿਤ ਥਾਵਾਂ ਤੇ ਸੁਰੱਖਿਆ, ਸਿਹਤ ਵਿਭਾਗ ਨੂੰ ਐਂਬੂਲੈਂਸਾਂ ਦੇ ਪ੍ਰਬੰਧ ਅਤੇ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਮੇਂ ਚੈਕਿੰਗ ਕਰਨ ਦੇ ਆਦੇਸ਼ ਵੀ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਕੇਵਲ ਉਕਤ ਥਾਵਾਂ ਤੇ ਹੀ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ। ਜੇਕਰ ਵਿੱਚ ਦਫਤਰ ਵੱਲੋਂ ਜਾਰੀ ਕੀਤੇ ਗਏ ਆਰਜ਼ੀ ਲਾਇਸੰਸੀ ਵਿਅਕਤੀ ਉਕਤ ਨਿਰਧਾਰਤ ਕੀਤੀਆਂ ਗਈਆਂ ਥਾਵਾਂ ਤੋਂ ਬਗੈਰ ਕਿਸੇ ਹੋਰ ਥਾਂ ਤੇ ਅਤੇ ਜੇਕਰ ਲਾਇਸੰਸੀ ਵਿਅਕਤੀ ਤੋਂ ਬਿਨ੍ਹਾਂ ਵੀ ਕੋਈ ਹੋਰ ਵਿਅਕਤੀ ਪਟਾਕੇ ਵੇਚਦਾ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
