ਗੌਰਵ ਬਾਸੀ
ਜਲੰਧਰ, 22 ਦਸੰਬਰ 2025:
ਹਿਮਾਚਲ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਅਨੁਰਾਗ ਠਾਕੁਰ ਅੱਜ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਨਰੇਗਾ ਨੂੰ ਲੈ ਕੇ ਕਾਂਗਰਸ ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਮਹਾਤਮਾ ਗਾਂਧੀ ਸਿਰਫ਼ ਰਾਜਨੀਤੀ ਦਾ ਸਾਧਨ ਬਣ ਕੇ ਰਹਿ ਗਏ ਹਨ।ਅਨੁਰਾਗ ਠਾਕੁਰ ਨੇ ਕਿਹਾ ਕਿ ਜਦੋਂ ਜਵਾਹਰ ਰੁਜ਼ਗਾਰ ਯੋਜਨਾ, ਸੰਪੂਰਨ ਰੁਜ਼ਗਾਰ ਯੋਜਨਾ ਅਤੇ ਹੋਰ ਯੋਜਨਾਵਾਂ ਆਈਆਂ ਸੀ ਤਾਂ ਕਾਂਗਰਸ ਨੂੰ ਮਹਾਤਮਾ ਗਾਂਧੀ ਦੀ ਯਾਦ ਕਿਉਂ ਨਹੀਂ ਆਈ? ਪਰ 2005 ਤੋਂ ਬਾਅਦ ਨਰੇਗਾ ਲਿਆਂਦੀ ਗਈ ਤਾਂ ਅਚਾਨਕ ਉਨ੍ਹਾਂ ਨੂੰ ਗਾਂਧੀ ਦੇ ਨਾਮ ਨਾਲ ਜੋੜ ਦਿੱਤਾ ਗਿਆ।
ਉਨ੍ਹਾਂ ਨੇ ਕਾਂਗਰਸ ਤੇ ਇਹ ਵੀ ਅਪਵਾਦ ਲਗਾਇਆ ਕਿ ਉਸ ਨੇ ਗਾਂਧੀ ਦੇ ਨਾਮ ਤੇ ਸਿਰਫ਼ ਰਾਜਨੀਤੀ ਕੀਤੀ ਅਤੇ ਗਰੀਬਾਂ ਤੇ ਜ਼ਰੂਰਤਮੰਦ ਲੋਕਾਂ ਨੂੰ ਗੁੰਮਰਾਹ ਕੀਤਾ।ਗਰਾਮੀਣ ਖੇਤਰ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਨਰੇਗਾ ਅਧੀਨ 100 ਦਿਨ ਨਹੀਂ, ਬਲਕਿ 125 ਦਿਨਾਂ ਤੱਕ ਰੁਜ਼ਗਾਰ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਹੁਣ ਮਜ਼ਦੂਰੀ ਵੀ ਪਹਿਲਾਂ ਨਾਲੋਂ ਵੱਧ ਮਿਲੇਗੀ।
ਭਾਜਪਾ ਸੰਸਦ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਮਨਰੇਗਾ ਦਾ ਬਜਟ ਸਿਰਫ਼ 30 ਹਜ਼ਾਰ ਕਰੋੜ ਰੁਪਏ ਸੀ, ਜਦਕਿ ਮੌਜੂਦਾ ਸਰਕਾਰ ਨੇ ਇੱਕ ਸਾਲ ਵਿੱਚ 1 ਲੱਖ 11 ਹਜ਼ਾਰ ਕਰੋੜ ਰੁਪਏ ਖਰਚ ਕਰ ਦਿੱਤੇ ਹਨ।ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਕਲਿਆਣ ਲਈ ਕੰਮ ਕਰ ਰਹੀ ਹੈ।
