ਸੁਖਜਿੰਦਰ ਸਹੋਤਾ,
ਚੰਡੀਗੜ੍ਹ, 10 ਦਸੰਬਰ 2025:
ਪੰਜਾਬ ਕਾਂਗਰਸ ‘ਚ ਚੱਲ ਰਹੀ ਖਿੱਚਤਾਣ ਵਿਚ ਅੱਜ ਇਕ ਨਵਾਂ ਮੋੜ ਆ ਗਿਆ ਜਦੋਂ ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਨਿਲੰਬਨ ਤੋਂ ਬਾਅਦ ਧਮਾਕੇਦਾਰ ਬਿਆਨ ਜਾਰੀ ਕਰਕੇ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਨੇ ਸਾਫ਼ ਕਿਹਾ ਕਿ “ਜਿਸ ਸਟੇਟ ਪ੍ਰਧਾਨ ਨੇ ਮੈਨੂੰ ਨੋਟਿਸ ਜਾਰੀ ਕੀਤਾ, ਉਸਦੀ ਕੋਈ ਕਾਨੂੰਨੀ ਹੈਸਿਤ ਨਹੀਂ।” ਸਿੱਧੂ ਨੇ ਦੋਸ਼ ਲਗਾਇਆ ਕਿ ਕਈ ਸੀਨੀਅਰ ਨੇਤਾ—ਜਿਨ੍ਹਾਂ ‘ਚ ਰਾਧਾ ਤੇ ਗੁਰਜੀਤ ਸਿੰਘ ਸ਼ਾਮਲ ਹਨ—ਇਸ ਸਾਜ਼ਿਸ਼ ਦੇ ਪਿੱਛੇ ਹਨ।ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸੁੱਚੀ ਨੀਅਤ ਨਾਲ ਪਾਰਟੀ ਹਾਈਕਮਾਨ ਤੱਕ ਚੱਲ ਰਹੀ ਹੈ, ਪਰ ਉਹ “ਚੋਰਾਂ ਦਾ ਸਾਥ” ਨਹੀਂ ਨਿਭਾਉਣਗੀਆਂ।
ਉਨ੍ਹਾਂ ਦਾ ਕਹਿਣਾ ਸੀ ਕਿ “ਕਾਂਗਰਸ ਦੇ ਕੁਝ 4–5 ਲੋਕ ਟਿਕਟਾਂ ਤੇ ਅਹੁਦਿਆਂ ਦੀ ਖਰੀਦ–ਫਰੋਖਤ ਕਰਦੇ ਹੋਏ ਪਾਰਟੀ ਨੂੰ ਅੰਦਰੋਂ ਖੌਖਲਾ ਕਰ ਰਹੇ ਹਨ।”
“ਜੇ ਕਾਂਗਰਸ ਸੱਚਮੁੱਚ ਸਰਕਾਰ ਬਣਾਉਣਾ ਚਾਹੁੰਦੀ ਹੈ, ਤਾਂ ਪਹਿਲਾਂ ਭ੍ਰਿਸ਼ਟ ਤੱਤਾਂ ਨੂੰ ਕੱਢਣਾ ਹੋਵੇਗਾ,”
ਸ਼ਿਵਾਲਿਕ ਰੇਂਜ਼ ਦੀ ਜ਼ਮੀਨ ‘ਤੇ ਵੱਡਾ ਖੁਲਾਸਾ
ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਵਾਲਿਕ ਰੇਂਜ਼ ਵਿਚ ਹੋ ਰਹੀਆਂ ਕਰੋੜਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਚੇਤਾਵਨੀ ਦਿੱਤੀ ਸੀ। ਇਹ ਇਲਾਕਾ ਵਾਤਾਵਰਣਕ ਤੌਰ ‘ਤੇ ਸੰਵੇਦਨਸ਼ੀਲ ਹੈ ਅਤੇ ਉੱਥੇ ਕਿਸੇ ਤਰ੍ਹਾਂ ਦੀ ਰਜਿਸਟ੍ਰੀ ਮੰਨਣਯੋਗ ਨਹੀਂ। ਸਿੱਧੂ ਦੇ ਮੁਤਾਬਕ “ਹੁਣ ਕੁਝ ਨੇਤਾ ਇਸ ਜ਼ਮੀਨ ਨੂੰ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਮੋੜ–ਤੋੜ ਕਰ ਪੇਸ਼ ਕੀਤਾ ਗਿਆ।
ਸੁਖਜਿੰਦਰ ਰੰਧਾਵਾ ਬਾਰੇ ਟਿੱਪਣੀ ‘ਤੇ ਸਿੱਧੂ ਨੇ ਵਾਪਸੀ ਹਮਲਾ ਕਰਦੇ ਕਿਹਾ—“ਰੰਧਾਵਾ ਸਾਹਿਬ ਬਿਨਾਂ ਜਾਣੇ–ਸਮਝੇ ਬੋਲ ਰਹੇ ਹਨ। ਮੁੱਦਾ ਸ਼ਿਵਾਲਿਕ ਦੀ ਗੈਰਕਾਨੂੰਨੀ ਜ਼ਮੀਨ ਦਾ ਹੈ, ਨਾ ਕਿ ਵਿਅਕਤੀਗਤ ਰੰਜਸ਼ ਦਾ।”
ਟਿਕਟਾਂ ਦੀ ਖਰੀਦ–ਫਰੋਖਤ ਦੇ ਦੋਸ਼
ਸਿੱਧੂ ਨੇ ਕਿਹਾ ਕਿ ਪਾਰਟੀ ਦੇ ਕੁਝ ਨੇਤਾ ਅੰਦਰ ਖਾਤੇ ਟਿਕਟਾਂ ਵੇਚ ਰਹੇ ਹਨ, ਇੱਥੋਂ ਤਕ ਕਿ “ਧੀਆਂ–ਪੁੱਤਰਾਂ ਦੀਆਂ ਟਿਕਟਾਂ ਵੀ ਵਿਕ ਰਹੀਆਂ ਹਨ।” ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਤੋਂ ਪੰਜ ਕਰੋੜ ਰੁਪਏ ਤੱਕ ਦੀ ਮੰਗ ਕੀਤੀ ਗਈ ਸੀ ਅਤੇ ਕੁਝ ਲੋਕਾਂ ਨੇ NRI ਸਰਕਲ ਤੋਂ “2000 ਕਰੋੜ ਦੀ ਮਦਦ” ਦੇ ਨਾਂ ‘ਤੇ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕੀਤੀ।“ਮੈਂ ਚਾਰ ਸਾਲ ਚੁੱਪ ਰਹੀ, ਪਰ ਹੁਣ ਨਹੀਂ ਰਹਾਂਗੀ।”
ਕੈਂਸਰ ਨਾਲ ਲੜਾਈ ਤੋਂ ਬਾਅਦ ਮੈਦਾਨ ਵਿਚ ਵਾਪਸੀ
ਨਵਜੋਤ ਕੌਰ ਸਿੱਧੂ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਉਹ ਪਿਛਲੇ ਢਾਈ ਸਾਲ ਤੋਂ ਕੈਂਸਰ ਇਲਾਜ ਕਰਵਾ ਰਹੇ ਸਨ ਅਤੇ ਹੁਣ ਪੂਰੀ ਤਰ੍ਹਾਂ ਠੀਕ ਹੋਣ ‘ਤੇ ਦੁਬਾਰਾ ਰਾਜਨੀਤਿਕ ਤੌਰ ‘ਤੇ ਸਰਗਰਮ ਹੋਏ ਹਨ। ਉਹਨਾਂ ਕਿਹਾ ਕਿ ਮੈਂ “ਕੈਂਸਰ ਜਿਹੀ ਵੱਡੀ ਬੀਮਾਰੀ ਨਾਲ ਲੜ ਕੇ ਵਾਪਸ ਆਈ ਹਾਂ। ਮੇਰੇ ਕੋਲ ਕਾਲਾ ਧਨ ਨਹੀਂ, ਹਰ ਲੈਣ–ਦੇਣ ਕਾਰਡ ਨਾਲ ਕਰਦੀ ਹਾਂ। ਸਾਰਾ ਕੁੱਝ ਪਾਰਦਰਸ਼ੀ ਹੈ।”ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੋ ਉਨ੍ਹਾਂ ਖ਼ਿਲਾਫ਼ ਝੂਠ ਫੈਲਾਏਗਾ, ਉਹ “ਇਕ–ਇਕ ਕਰਕੇ ਸਾਰੇ ਸਬੂਤ ਸਾਹਮਣੇ ਲਿਆਉਣਗੇ।”
ਨਿੱਜੀ ਲਾਲਚ ਨਹੀਂ, ਸਿਰਫ਼ ਪੰਜਾਬ ਦਾ ਹਿੱਤ
ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਦੀ ਕੋਈ ਲਾਲਸਾ ਨਹੀਂ। ਉਨ੍ਹਾਂ ਤਿੰਨ ਵਾਰ ਕੇਂਦਰੀ ਮੰਤਰੀਮੰਡਲ ਛੱਡਿਆ, ਰਾਜਸਭਾ ਛੱਡੀ, ਅਤੇ ਆਮ ਆਦਮੀ ਪਾਰਟੀ ਦੇ ਦਬਾਅ ਦੇ ਬਾਵਜੂਦ ਕਿਸੇ ਨਾਲ ਸਮਝੌਤਾ ਨਹੀਂ ਕੀਤਾ।“ਜੇ ਮਕਸਦ ਸੀਐਮ ਬਣਨਾ ਹੁੰਦਾ, ਤਾਂ ਕਈ ਮੌਕੇ ਸਨ। ਪਰ ਸਾਡਾ ਟੀਚਾ ਹਮੇਸ਼ਾ ਪੰਜਾਬ ਦੀ ਭਲਾਈ ਹੀ ਰਿਹਾ ਹੈ।”
