ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਭੰਗ ਕਰਨਾ ਦੁੱਖਦਾਈ ਫੈਸਲਾ- ਖੁਡੀਆਂ

ਅਰਵਿੰਦ ਤਨੇਜਾ

ਫਾਜ਼ਿਲਕਾ 4 ਨਵੰਬਰ 2025:

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇਸ਼ ਦਾ ਮਾਣ ਹੈ। ਇਹ ਯੂਨੀਵਰਸਿਟੀ ਦੇਸ਼ ਦੇ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਸੀ ਅਤੇ ਵੰਡ ਤੋਂ ਬਾਅਦ ਚੰਡੀਗੜ੍ਹ ਵਿੱਚ ਸਥਾਪਤ ਕੀਤੀ ਗਈ।

ਖੁਡੀਆਂ ਨੇ ਕਿਹਾ ਕਿ ਇਸ ਦੀ ਸੀਨੇਟ ਦਾ ਇਤਿਹਾਸ ਕਈ ਸਾਲ ਪੁਰਾਣਾ ਹੈ ਤੇ ਇਸ ਨੇ ਵਿਦਿਆਖੇਤਰ ਵਿੱਚ ਵੱਡੇ ਸੁਧਾਰ ਕੀਤੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸੀਨੇਟ ਨੂੰ ਭੰਗ ਕਰਕੇ ਯੂਨੀਵਰਸਿਟੀ ਨੂੰ ਕੇਂਦਰੀ ਪ੍ਰਸ਼ਾਸਨ ਦੇ ਅਧੀਨ ਕਰਨ ਦੇ ਫੈਸਲੇ ਨੂੰ “ਬਹੁਤ ਹੀ ਦੁੱਖਦਾਈ” ਦੱਸਿਆ।

ਗੁਰਮੀਤ ਸਿੰਘ ਖੁਡੀਆਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਖੇਡਾਂ ਨੂੰ ਵਧਾਵਾ ਦੇਣ ਲਈ ਕੋਸ਼ਿਸ਼ ਕਰਦੀ ਆ ਰਹੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀਆਂ ਖਿਡਾਰਣਾਂ ਦੇ ਭਵਿੱਖ ਲਈ ਸਰਗਰਮ ਫ਼ੈਸਲੇ ਲੈਣਗੇ।

ਮੰਤਰੀ ਖੁਡੀਆਂ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਨਿਯੰਤਰਣ ਕਰਨ ਲਈ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਪਿਛਲੇ ਸਾਲ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ ਦੇ ਉਪਕਰਣ ਦਿੱਤੇ ਗਏ ਸਨ ਜਦਕਿ ਇਸ ਸਾਲ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਧਾਨ ਦੀ ਕਟੌਤੀ ਨੂੰ ਰੋਕਣ ਲਈ ਕੜੇ ਕਦਮ ਚੁੱਕੇ ਗਏ ਹਨ ਅਤੇ ਫਾਜ਼ਿਲਕਾ ਵਿੱਚ ਇੱਕ ਸੈਲਰ ਖ਼ਿਲਾਫ਼ ਮਾਮਲਾ ਵੀ ਦਰਜ ਕਰਾਇਆ ਗਿਆ ਹੈ। ਜੇ ਕਿਸੇ ਕਿਸਾਨ ਨੂੰ ਧਾਨ ਦੀ ਕਟੌਤੀ ਦਾ ਸਾਮਨਾ ਹੋ ਰਿਹਾ ਹੈ ਤਾਂ ਇਸ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।ਖੁਡੀਆਂ ਨੇ ਇਹ ਵੀ ਕਿਹਾ ਕਿ ਸਰਕਾਰ ਬਾਢ਼ ਪ੍ਰਭਾਵਿਤ ਇਲਾਕਿਆਂ ਵਿੱਚ 12.5 ਲੱਖ ਏਕੜ ਜ਼ਮੀਨ ਲਈ ਕਿਸਾਨਾਂ ਨੂੰ ਬੀਜ ਉਪਲਬਧ ਕਰਵਾ ਰਹੀ ਹੈ।

ਮੰਤਰੀ ਗੁਰਮੀਤ ਸਿੰਘ ਖੁਡੀਆਂ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *