ਲਲਿਤ ਕੁਮਾਰ
ਅੰਮ੍ਰਿਤਸਰ 5 ਦਸੰਬਰ 2025:
ਬਲਾਕ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖ਼ਰੀ ਦਿਨ ਸੀ। ਕਈ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਉਮੀਦਵਾਰ ਕਾਗਜ਼ ਜਮ੍ਹਾ ਕਰਵਾਉਣ ਪਹੁੰਚੇ, ਪਰ ਇਸ ਦੌਰਾਨ ਕਈ ਨਾਮਜ਼ਦਗੀ ਕੇਂਦਰਾਂ ’ਤੇ ਭਾਰੀ ਤਣਾਅ, ਧੱਕਾ–ਮੁੱਕੀ ਅਤੇ ਝੜਪਾਂ ਦੇ ਮਾਮਲੇ ਸਾਹਮਣੇ ਆਏ। ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ ਪ੍ਰੈੱਸ ਵਾਰਤਾ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਟਘਰੇ ਵਿੱਚ ਖੜ੍ਹਾ ਕੀਤਾ।
ਸਰਕਾਰੀਆ ਨੇ ਇਲਜ਼ਾਮ ਲਗਾਇਆ ਕਿ ਸੱਤਾ ਪੱਖ ਨੇ ਨਾਮਜ਼ਦਗੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ “ਗੁੰਡਿਆਂ” ਦੀ ਸਹਾਇਤਾ ਲਈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਛੀਨ ਕੇ ਫਾੜ ਦਿੱਤੇ ਗਏ। “ਸਾਡੇ ਕੋਠੀਆਂ ਅਤੇ ਭਿੰਡੀ ਸੈਦਾਂ ਦੇ ਉਮੀਦਵਾਰਾਂ ਨਾਲ ਖੁੱਲ੍ਹੀ ਗੁੰਡਾਗਰਦੀ ਹੋਈ। 12 ਵੱਜੇ ਤੋਂ ਬਾਅਦ ਜਦੋਂ ਦੂਜੀ ਵਾਰ ਕਾਗਜ਼ ਜਮ੍ਹਾ ਕਰਵਾਉਣ ਗਏ ਤਾਂ ਫਿਰ ਹਮਲਾ ਕੀਤਾ ਗਿਆ। ਸਾਡੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਸੁਰਜੀਤ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ,” ਉਨ੍ਹਾਂ ਦੱਸਿਆ।
ਕਾਂਗਰਸ ਵਿਧਾਇਕ ਨੇ ਕਿਹਾ ਕਿ ਸਾਰੀ ਘਟਨਾ ਦੌਰਾਨ ਪੁਲਿਸ “ਮੂਕਦਰਸ਼ਕ” ਬਣੀ ਰਹੀ ਅਤੇ ਕਿਸੇ ਵੀ ਗੁੰਡੇ ’ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ ਉਮੀਦਵਾਰ ਦਾ ਭਤੀਜਾ ਵੀ ਸ਼ਾਮਲ ਹੈ, ਜੋ ਇਸ ਵੇਲੇ ਹਸਪਤਾਲ ਵਿਚ ਦਾਖ਼ਲ ਹੈ।
ਸਰਕਾਰੀਆ ਨੇ ਕਿਹਾ—“ਲੋਕਤੰਤਰ ਦਾ ਖੁੱਲ੍ਹਿਆਂ ਨੰਗਾ ਨਾਚ ਕੀਤਾ ਗਿਆ। ਅਫ਼ਸਰਾਂ ਨੂੰ ਚੇਤਾਵਨੀ ਹੈ ਕਿ ਕਾਗਜ਼ ਜਾਣ–ਬੁੱਝ ਕੇ ਰੱਦ ਕਰਨ ਦੀ ਕੋਸ਼ਿਸ਼ ਨਾ ਕਰਨ। ਕੱਲ੍ਹ ਮੈਂ ਡੀ.ਸੀ. ਸਾਹਿਬ ਨਾਲ਼ ਮਿਲਾਂਗਾ ਅਤੇ ਸਾਰੀ ਗੱਲ ਰੱਖਾਂਗਾ।”
ਉਨ੍ਹਾਂ ਇਹ ਵੀ ਕਿਹਾ ਕਿ ਜਗਰਾਉਂ ਅਤੇ ਹਰਸਹਾਇਆ ਵਿੱਚ ਨਾਮਜ਼ਦਗੀ ਦੌਰਾਨ ਸਭ ਤੋਂ ਵੱਧ ਗੜਬੜ ਹੋਈ। “ਲੱਗਦਾ ਹੈ ਸਰਕਾਰ ਚੋਣਾਂ ਤੋਂ ਡਰ ਰਹੀ ਹੈ। ਜੇ ਹਿੰਮਤ ਹੈ ਤਾਂ ਨਿਰਪੱਖ ਚੋਣਾਂ ਕਰਵਾਏ ਅਤੇ ਫੈਸਲਾ ਲੋਕਾਂ ’ਤੇ ਛੱਡ ਦੇਵੇ।”
ਅੰਤ ਵਿੱਚ ਸਰਕਾਰੀਆ ਨੇ ਪ੍ਰਸ਼ਾਸਨ ਨੂੰ ਸੰਦੇਸ਼ ਦਿੱਤਾ—“ਚੋਣ ਲੜ ਕੇ ਵਿਖਾਓ, ਲੋਕਾਂ ’ਤੇ ਛੱਡੋ। ਗੁੰਡਾਗਰਦੀ ਕਰਕੇ ਲੋਕਤੰਤਰ ਨੂੰ ਨਾ ਕੁਚਲੋ। ਸਾਡੀ ਸਿਰਫ਼ ਇਹੀ ਅਪੀਲ ਹੈ ਕਿ ਅਫ਼ਸਰ ਨਿਰਪੱਖ ਰਹਿਣ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਕੱਠੇ ਕੰਮ ਕਰਨਾ ਹੁੰਦਾ ਹੈ।”
