ਕਿਹਾ ਕਿ ਦੋਵੇਂ ਸਰਕਾਰਾਂ ਬੇਅਦਬੀ ਮਾਮਲਿਆਂ ਵਿਚ ਸਖ਼ਤ ਕਾਰਵਾਈ ਕਰਨ ਵਿਚ ਨਾਕਾਮ ਰਹੀਆਂ ਜਿਸ ਕਾਰਨ 10 ਸਾਲਾਂ ਵਿਚ ਦਰਜ ਹੋਏ 597 ਕੇਸਾਂ ਵਿਚੋਂ ਸਿਰਫ 44 ਵਿਚ ਦੋਸ਼ੀਆਂ ਨੂੰ ਸਜ਼ਾ ਮਿਲੀ
Sukhjinder Sahota,
Jaito 1 April 2026:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੋਵੇਂ ਬੇਅਦਬੀ ਦੇ ਮਾਮਲੇ ’ਤੇ ਰਾਜਨੀਤੀ ਕਰਨ ਲਈ ਜ਼ਿੰਮੇਵਾਰ ਹਨ ਤੇ ਉਹਨਾਂ ਸਵਾਲ ਕੀਤਾ ਕਿ ਦੋਵੇਂ ਸਰਕਾਰਾਂ ਨੇ ਬੇਅਦਬੀ ਕੇਸਾਂ ਵਿਚ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਤੇ 597 ਕੇਸਾਂ ਵਿਚੋਂ ਸਿਰਫ 44 ਮਾਮਲਿਆਂ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਕਿਉਂ ਮਿਲੀ।

ਅਕਾਲੀ ਦਲ ਦੇ ਪ੍ਰਧਾਨ ਇਕ ਖਬਰ ’ਤੇ ਪ੍ਰਤੀਕਰਮ ਦੇ ਰਹੇ ਸਨ ਜਿਸ ਵਿਚ ਖੁੱਲ੍ਹਾਸਾ ਕੀਤਾ ਗਿਆ ਕਿ ਪੰਜਾਬ ਵਿਚ 10 ਸਾਲਾਂ ਵਿਚ 597 ਬੇਅਦਬੀ ਦੇ ਮਾਮਲੇ ਵਾਪਰੇ ਜਿਸ ਵਿਚੋਂ ਸਿਰਫ 44 ਵਿਚ ਦੋਸ਼ੀਆਂ ਨੂੰ ਸਜ਼ਾ ਮਿਲੀ ਤੇ 99 ਕੇਸਾਂ ਵਿਚ ਮੁਲਜ਼ਮ ਬਰੀ ਹੋ ਗਏ।

ਇਥੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੇ ਨਾਲ ਰਲ ਕੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵਰਗੇ ਪੰਥ ਦੇ ਅਖੌਤੀ ਆਗੂ ਕਿਥੇ ਹਨ ?
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਆਗੂ ਹੁਣ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਨੂੰ ਬੇਅਦਬੀ ਵਾਲੀਆਂ ਥਾਵਾਂ ’ਤੇ ਜਾਣ ਦੀ ਲੋੜ ਹੈ ਕਿਉਂਕਿ ਉਹਨਾਂ ਦਾ ਇਕਲੌਤਾ ਮਕਸਦ 2015 ਵਿਚ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਜਿਸ ਵਾਸਤੇ ਉਹਨਾਂ ਨੇ ਕੇਂਦਰੀ ਏਜੰਸੀਆਂ ਦੇ ਹੁਕਮਾਂ ’ਤੇ ਅਕਾਲੀ ਦਲ ’ਤੇ ਬਰਗਾੜੀ ਬੇਅਦਬੀ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ।

ਸਰਦਾਰ ਬਾਦਲ ਨੇ ਕਿਹਾ ਕਿ ਉਹ ਪੰਜਾਬੀਆਂ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਵਿਚ ਉਦੋਂ ਸ਼ੁਰੂ ਹੋਈਆਂ ਜਦੋਂ 2014 ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ ਆਈ। ਉਹਨਾਂ ਕਿਹਾ ਕਿ ਆਪ ਦੇ ਐਮ ਐਲ ਏ ਨਰੇਸ਼ ਯਾਦਵ ਨੂੰ ਮਾਲੇਰਕੋਟਲਾ ਬੇਅਦਬੀ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਹਾਲਾਂਕਿ ਆਪ ਨੇ ਉਸਨੂੰ ਬਚਾਉਣ ਵਾਸਤੇ ਪੂਰਾ ਜ਼ੋਰ ਲਗਾਇਆ ਤੇ ਇਸਦੇ ਸੀਨੀਅਰ ਆਗੂ ਹਰਪਾਲ ਚੀਮਾ ਤੇ ਹਰਜੋਤ ਬੈਂਸ ਦੀ ਡਿਊਟੀ ਕੋਰਟ ਵਿਚ ਉਸਦੀ ਪੈਰਵੀ ਵਾਸਤੇ ਵੀ ਲਗਾਈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੇ ਨੰਬਰ 1 ਸੂਬਾ ਬਣਨ ਦੇ ਦਾਅਵੇ ’ਤੇ ਵੀ ਉਹਨਾਂ ਨੂੰ ਘੇਰਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਕਿਹੜਾ ਨਵਾਂ ਸਕੂਲ ਖੋਲ੍ਹਿਆ ਹੈ ? ਉਹਇਹ ਵੀ ਦੱਸਣ ਕਿ ਉਹਨਾਂ ਨੇ ਅਧਿਆਪਕਾਂ ਦੀ ਕਿਹੜੀ ਭਰਤੀ ਕੀਤੀ ਹੈ ਤੇ ਅਸਲੀਅਤ ਇਹ ਹੈ ਕਿ ਉਹਨਾਂ ਦੱਸਣ ਕਿ ਉਹਨਾਂ ਦੀ ਸਰਕਾਰ ਦੇ ਰਾਜ ਵਿਚ ਸਕੂਲਾਂ ਦਾ ਰੰਗ ਬਦਲਣ ਲਈ ਕਲੀ ਕੂਚਾ ਕਿਉਂ ਕੀਤਾ ਗਿਆ ਤੇ ਸਕੂਲਾਂ ਦਾ ਨਾਂ ਬਦਲ ਕੇ ਸਕੂਲ ਆਫ ਐਮੀਨੈਂਸ ਕਿਉਂ ਕਰ ਦਿੱਤਾ ਗਿਆ ?

ਉਹਨਾਂ ਨੇ ਕਿਹਾ ਕਿ ਸਪਸ਼ਟ ਹੈ ਕਿ ਸਰਕਾਰ ਅੰਕੜਿਆਂ ਦਾ ਹੇਰ ਫੇਰ ਕਰ ਰਹੀ ਹੈ ਤੇ ਇਸੇ ਵਾਸਤੇ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਪੰਜਾਬ ਨੰਬਰ ਇਕ ’ਤੇ ਦਰਸਾਇਆ ਗਿਆ ਹੈ ਜਦੋਂ ਕਿ ਇਸੇ ਮੁੱਖ ਮੰਤਰੀ ਨੇ ਪਹਿਲਾਂ ਇਸ ਸਰਵੇਖਣ ਨੂੰ ਫਰਜ਼ੀ ਕਰਾਰ ਦਿੱਤਾ ਸੀ।
ਸਰਦਾਰ ਬਾਦਲ ਨੇ ਪੰਜਾਬ ਵਿਚ ਉਭਰ ਰਹੇ ਨਵੇਂ ਘੁਟਾਲੇ ਦੀ ਗੱਲ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਨਾ ਸਿਰਫ ਸਰਕਾਰੀ ਖਰਚੇ ’ਤੇ ਮੋਗਾ ਰੈਲੀ ਕੀਤੀ ਬਲਕਿ ਇਸ ਵੱਲੋਂ ਪੰਜਾਬ ਵਿਚ 16000 ਰੈਲੀਆਂ, ਮੀਟਿੰਗਾਂ ਤੇ ਗ੍ਰਾਮ ਸਭਾਵਾਂ ਕਰਨ ਦੀ ਤਜਵੀਜ਼ ਉਲੀਕੀ ਗਈ ਹੈ ਜਿਸਦਾ ਖਰਚਾ ਸਰਕਾਰੀ ਖ਼ਜ਼ਾਨੇ ਵਿਚੋਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਇਹ ਘੁਟਾਲਾ ਸੈਕੜੇ ਕਰੋੜਾਂ ਰੁਪਏ ਦਾ ਹੈ ਜਿਸ ਵਿਚ ਆਪ ਸਰਕਾਰ ਟੈਂਟਾਂ, ਕੁਰਸੀਆਂ ਤੇ ਖਾਣੇ ਦਾ ਠੇਕਾ ਬਹੁਤ ਜ਼ਿਆਦਾ ਦਰਾਂ ’ਤੇ ਦੇ ਰਹੀ ਹੈ ਤਾਂ ਜੋ ਕਮਿਸ਼ਨ ਵਜੋਂ ਮੋਟੀ ਰਕਮ ਵਾਪਸ ਲਈ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਰੈਲੀਆਂ ਵਾਸਤੇ ਵੱਡੇ ਸ਼ੈਡ ਉਪਲਬਧ ਹਨ ਪਰ ਫਿਰ ਵੀ ਅਜਿਹਾ ਖਰਚਾ ਕੀਤਾ ਜਾ ਰਿਹਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਕ ਨਿਰਪੱਖ ਜਾਂਚ ਹੀ ਇਸ ਘੁਟਾਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਤੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣ ਤਾਂ ਜੋ ਭ੍ਰਿਸ਼ਟਾਚਾਰ ਦਾ ਪੈਸਾ ਆਮ ਆਦਮੀ ਪਾਰਟੀ ਤੋਂ ਵਸੂਲਿਆ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਆਪ ਵੱਲੋਂ ਗੁਜਰਾਤ ਵਿਚ ਚੋਣ ਪ੍ਰਚਾਰ ਦੌਰਾਨ ਝੂਠ ਬੋਲਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਨੇ ਪੰਜਾਬ ਵਿਚ ਹਰ 4 ਪਿੰਡਾਂ ਪਿੱਛੇ ਇਕ ਮੰਡੀ ਸਥਾਪਿਤ ਕੀਤੀ ਹੈ ਜਦੋਂ ਕਿ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਿਆ ਦੇਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦਾ ਪਾਣੀ ਰਾਜਸਥਾਨ ਨਹਿਰ ਵਿਚ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਵਿਚ ਜਾਂਦਾ ਸਾਰਾ ਪਾਣੀ ਮੋੜ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਜਾਵੇਗਾ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਪ੍ਰਦਾਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦੇਵੇਗੀ ਅਤੇ ਇਸਦੇ ਕੇਂਦਰ ਹਰ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਜਾਣਗੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਸਾਰੇ ਐਸ ਸੀ, ਬੀ ਸੀ ਤੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਪੱਧਰ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਸ਼ੇਰ ਸਿੰਘ ਮੰਡਵਾਲਾ, ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਰੋਮਾਣਾ, ਗੁਰਿੰਦਰ ਕੌਰ ਭੋਲੂਵਾਲਾ, ਗੁਰਚੇਤ ਸਿੰਘ ਬਰਗਾੜੀ ਅਤੇ ਯਾਦਵਿੰਦਰ ਸਿੰਘ ਯਾਦੀ ਵੀ ਹਾਜ਼ਰ ਸਨ।
