ਕਪੂਰਥਲਾ ਜਾਸੂਸੀ ਕਾਂਡ: ਫ਼ਿਰੋਜ਼ਪੁਰ ਤੋਂ ਮੁੱਖ ਆਰੋਪੀ ਗੁਰਨਾਮ ਗ੍ਰਿਫਤਾਰ, ਫੌਜੀ ਇਲਾਕੇ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਦਾ ਦੋਸ਼

ਗੌਰਵ ਬਾਸੀ

ਕਪੂਰਥਲਾ 01 ਨਵੰਬਰ 2025:

ਕਪੂਰਥਲਾ ਪੁਲਿਸ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਗੰਭੀਰ ਮਾਮਲੇ ਦਾ ਖੁਲਾਸਾ ਕਰਦਿਆਂ ਪਾਕਿਸਤਾਨ ਨੂੰ ਫੌਜੀ ਇਲਾਕੇ ਦੀਆਂ ਗੁਪਤ ਜਾਣਕਾਰੀਆਂ ਅਤੇ ਤਸਵੀਰਾਂ ਭੇਜਣ ਵਾਲੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਆਰੋਪੀ ਗੁਰਨਾਮ ਸਿੰਘ ਨਿਵਾਸੀ ਫ਼ਿਰੋਜ਼ਪੁਰ ਨੂੰ ਕਾਬੂ ਕੀਤਾ ਹੈ, ਜਿਸ ਦੇ ਸਿੱਧੇ ਸੰਪਰਕ ਪਾਕਿਸਤਾਨ ਨਾਲ ਸਨ।

ਪੁਲਿਸ ਨੇ ਤਿੰਨ ਆਰੋਪੀਆਂ ਤੋਂ ਛੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਤ ਤਸਵੀਰਾਂ ਅਤੇ ਜਾਣਕਾਰੀ ਭੇਜਣ ਲਈ ਕੀਤੀ ਜਾਂਦੀ ਸੀ। ਐਸਪੀ (ਡੀ) ਪ੍ਰਭਜੋਤ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਪੁੱਛਗਿੱਛ ਜਾਰੀ ਹੈ ਤੇ ਸ਼ੱਕ ਹੈ ਕਿ ਇਸ ਜਾਲ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹੋ ਸਕਦੇ ਹਨ।

ਪੁਲਿਸ ਦੇ ਅਨੁਸਾਰ, 28 ਅਕਤੂਬਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਕਾਂਜਲੀ ਨੇੜੇ ਰਾਜਾ ਨਾਮਕ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਾਜਾ ਫੌਜੀ ਇਲਾਕੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਤੇ ਉਸ ‘ਤੇ ਆਪਣੇ ਸਾਥੀਆਂ ਦੀ ਮਦਦ ਨਾਲ ਫੌਜੀ ਇਲਾਕੇ ਦੀਆਂ ਤਸਵੀਰਾਂ ਅਤੇ ਦਸਤਾਵੇਜ਼ ਪਾਕਿਸਤਾਨ ਭੇਜਣ ਦਾ ਦੋਸ਼ ਹੈ।

ਰਾਜਾ ਤੋਂ ਪੁੱਛਗਿੱਛ ਤੋਂ ਬਾਅਦ ਜਸਕਰਨ ਸਿੰਘ ਨਿਵਾਸੀ ਧਰਮਕੋਟ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਸੂਚਨਾ ‘ਤੇ ਮੁੱਖ ਆਰੋਪੀ ਗੁਰਨਾਮ ਸਿੰਘ ਫ਼ਿਰੋਜ਼ਪੁਰ ਤੋਂ ਕਾਬੂ ਕੀਤਾ ਗਿਆ। ਗੁਰਨਾਮ ਸਿੰਘ ਤੋਂ ਦੋ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ। ਪੁਲਿਸ ਦੇ ਮੁਤਾਬਕ ਗੁਰਨਾਮ ਉੱਤੇ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਕਈ ਕੇਸ ਦਰਜ ਹਨ।

ਐਸਪੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਜਾਸੂਸੀ ਗਿਰੋਹ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ, ਤਾਂ ਜੋ ਰਾਸ਼ਟਰੀ ਸੁਰੱਖਿਆ ਨਾਲ ਖੇਡਣ ਵਾਲਿਆਂ ਨੂੰ ਢੁਕਵਾਂ ਸਬਕ ਸਿਖਾਇਆ ਜਾ ਸਕੇ।

Leave a Reply

Your email address will not be published. Required fields are marked *