ਕਥਿਤ ਨਸ਼ੇ ਨੇ ਉਜਾੜਿਆ ਇਕ ਹੋਰ ਘਰ, 15 ਦਿਨਾਂ ਦੇ ਪੁੱਤ ਦੇ ਸਿਰ ਤੋਂ ਉਠਿਆ ਪਿਤਾ ਦਾ ਸਾਇਆ

News99punjab

ਫਰੀਦਕੋਟ 01 ਨਵੰਬਰ 2025:

ਫਰੀਦਕੋਟ ਜਿਲ੍ਹੇ ਦੇ ਪਿੰਡ ਭੋਲੂਵਾਲਾ ਤੋਂ ਦਿਲ ਨੂੰ ਪਸੀਜ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਘਰ ਵਿਚ ਕਮਾਈ ਕਰਨ ਵਾਲੇ ਨੌਜਵਾਨ ਦੀ ਨਹਿਰ ਕਿਨਾਰਿਓਂ ਭੇਦ ਭਰੇ ਹਲਾਤਾਂ ਵਿਚ ਲਾਸ ਮਿਲੀ। ਪਰਿਵਾਰ ਅਤੇ ਪਿੰਡ ਵਾਲਿਆ ਦਾ ਕਹਿਣਾਂ ਕਿ ਨੌਜਵਾਨ ਦੀ ਮੌਤ ਨਸੇ ਦੀ ਕਥਿਤ ਉਵਰ ਡੋਜ ਨਾਲ ਮੌਤ ਹੋਈ ਹੈ।

ਮ੍ਰਿਤਕ ਦੀ ਪਹਿਚਾਣ ਕਰੀਬ 35 ਸਾਲਾ ਮੰਗਾ ਸਿੰਘ ਵਜੋਂ ਹੋਈ ਹੈ ਜੋ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਅਤੇ 2 ਪੁੱਤਰਾਂ ਸਮੇਤ ਆਪਣੇ ਘਰ ਵਿਚ ਰਹਿੰਦਾ ਸੀ। ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਅਤੇ ਪਿਤਾ ਨੇ ਦੱਸਿਆ ਕਿ ਮੰਗਾ ਸਿੰਘ ਮਸ਼ੀਨ ਤੇ ਡਰਾਇਵਰੀ ਕਰਦਾ ਸੀ ਅਤੇ ਕੱਲ੍ਹ ਹੀ ਘਰ ਆਇਆ ਸੀ।

ਉਹਨਾਂ ਦੱਸਿਆ ਕਿ ਕੱਲ੍ਹ ਬਾਅਦ ਦੁਪਿਹਰ ਉਹ ਘਰੋਂ ਬਾਹਰ ਗਿਆ ਅਤੇ ਸ਼ਾਮ ਤੱਕ ਜਦ ਨਾਂ ਪਰਤਿਆਂ ਤਾਂ ਉਸ ਦੀ ਭਾਲ ਕੀਤੀ ਗਈ ਪਰ ਉਹ ਕਿਤੇ ਵੀ ਨਹੀਂ ਮਿਲਿਆ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਨੇੜਿਓਂ ਲੰਘਦੀਆਂ ਨਹਿਰਾਂ ਤੇ ਭੇਦ ਭਰੇ ਹਲਾਤਾਂ ਵਿਚ ਮਿਲੀ।

ਉਹਨਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਸ ਦੀ ਮੌਤ ਨਸੇ ਦੀ ਕਥਿਤ ਓਵਰ ਡੋਜ ਨਾਲ ਹੋਈ ਹੈ ਕਿਉਕਿ ਮੰਗਾ ਸਿੰਘ ਪਹਿਲਾਂ ਵੀ ਨਸ਼ਾ ਕਰਨ ਦਾ ਆਦੀ ਸੀ।ਪੀੜਤ ਪਰਿਵਾਰ ਨੇ ਕਿਹਾ ਕਿ ਹੁਣ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ ਇਸ ਲਈ ਸਰਕਾਰ ਨੂੰ ਉਹਨਾਂ ਦੀ ਕੋਈ ਆਰਥਿਕ ਮਦਦ ਕਰਨੀ ਚਾਹੀਦੀ ਹੈ।

ਇਸ ਮੌਕੇ ਗੱਲਬਾਤ ਕਰਦਿਆ ਪਿੰਡ ਦੇ ਸਰਪੰਚ ਸੂਰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਮੰਗਾ ਸਿੰਘ ਦੀ ਮੌਤ ਨਸ਼ੇ ਦੀ ਕਥਿਤ ਉਵਰਡੋਜ ਨਾਲ ਹੋਈ ਹੈ। ਉਹਨਾਂ ਕਿਹਾ ਕਿ ਨਸ਼ੇ ਦੀ ਕਥਿਤ ਉਵਰਡੋਜ ਨਾਲ ਹੋਣ ਵਾਲੀ ਇਹ ਕੋਈ ਪਹਿਲੀ ਮੌਤ ਨਹੀਂ ਇਸ ਤੋਂ ਪਹਿਲਾਂ ਵੀ ਪਿੰਡ ਵਿਚ ਕਰੀਬ 4 ਮੌਤਾਂ ਨਸੇ ਦੀ ਉਵਰ ਡੋਜ ਨਾਲ ਹੋਈਆਂ ਹਨ।

ਸਰਪੰਚ ਨੇ ਦੱਸਿਆ ਕਿ ਪਿੰਡ ਵਿਚ ਨਸ਼ਾ ਇਸ ਕਦਰ ਵਿਕਦਾ ਹੈ ਕਿ ਕਿਸੇ ਵਕਤ ਚੱਕੀ ਤੋਂ ਆਟਾ ਮੁੱਕ ਸਕਦਾ ਪਰ ਪਿੰਡ ਵਿਚੋਂ ਨਸ਼ਾ ਨਹੀਂ। ਉਹਨਾਂ ਕਿਹਾ ਕਿ ਨਸ਼ਾ ਤਸਕਰ ਅਕਸਰ ਲੋਕਾਂ ਨੂੰ ਧਮਕਾਉਂਦੇ ਹਨ ਅਤੇ ਪੁਲਿਸ ਇਹਨਾਂ ਨੂੰ ਜੇਕਰ ਫੜ੍ਹ ਲੈਂਦੀ ਹੈ ਤਾਂ ਇਹ ਥੋੜੇ ਸਮੇਂ ਬਾਅਦ ਹੀ ਛੁੱਟ ਕੇ ਵਾਪਸ ਆ ਜਾਂਦੇ ਹਨ ਅਤੇ ਫਿਰ ਉਹੀ ਕੰਮ ਸੁਰੂ ਕਰ ਦਿੰਦੇ ਹਨ।


ਉਹਨਾਂ ਦੱਸਿਆ ਕਿ ਮੰਗਾ ਸਿੰਘ ਜਿਸ ਦੀ ਮੌਤ ਹੋਈ ਹੈ ਉਹ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ। ਉਸ ਦੇ 2 ਬੱਚੇ ਅਤੇ ਘਰਵਾਲੀ ਰਹਿ ਗਏ ਹਨ। ਉਹਨਾਂ ਦੱਸਿਆ ਕਿ ਮੰਗਾ ਸਿੰਘ ਦੇ ਘਰ ਕਰੀਬ 15 ਦਿਨ ਪਹਿਲਾਂ ਹੀ ਪੁੱਤ ਨੇ ਜਨਮ ਲਿਆ ਸੀ ਜਿਸ ਦੇ ਸਿਰ ਤੋਂ ਹੁਣ ਨਸ਼ੇ ਨੇ ਬਾਪ ਦਾ ਸਾਇਆ ਖੋਹ ਲਿਆ ਹੈ। ਉਹਨਾਂ ਮੰਗ ਕੀਤੀ ਕਿ ਪਿੰਡ ਵਿਚੋਂ ਨਸ਼ੇ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਅਤੇ ਪੀੜਤ ਪਰਿਵਾਰ ਦੀ ਕੋਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣਾ ਗੁਜਾਰਾ ਕਰ ਸਕੇ।

Leave a Reply

Your email address will not be published. Required fields are marked *