ਅਵਤਾਰ ਸਿੰਘ,
ਗੁਰਦਾਸਪੁਰ 25 ਅਕਤੂਬਰ 2025:
ਗੁਰਦਾਸਪੁਰ ਦੇ ਜੀਟੀ ਰੋਡ ਤੇ ਜਹਾਜ ਚੌਂਕ ਦੇ ਨੇੜੇ ਸਥਿਤ ਇੰਦੂਸਿੰਧ ਬੈਂਕ ਦੇ ਬਾਹਰ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਨੌਜਵਾਨ ਨੇ ਕਾਰ ਤੋਂ ਉਤਰ ਕੇ ਇੱਕ ਔਰਤ ਤੇ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ।
ਹਾਲਾਂਕਿ ਔਰਤ ਨੇ ਬਚਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਫਿਰ ਨੇੜਿਓਂ ਹੀ ਇੱਕ ਹੋਰ ਨੌਜਵਾਨ ਹਿੰਮਤ ਕਰਕੇ ਆ ਗਿਆ ਤੇ ਔਰਤ ਨੂੰ ਆਦਮੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਔਰਤ ਜ਼ਖਮੀ ਹੋ ਚੁੱਕੀ ਸੀ। ਬਾਅਦ ਵਿੱਚ ਨੌਜਵਾਨ ਉਥੋਂ ਫਰਾਰ ਹੋ ਗਿਆ ਤੇ ਪੁਲਿਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਅਤੇ ਔਰਤ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ । ਹਾਲਾਂਕਿ ਔਰਤ ਦੇ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਪਰ ਉਸ ਦੀ ਕਲਾਈ ਅਤੇ ਪੇਟ ਤੇ ਚਾਕੂ ਵੱਜੇ ਹਨ ।

ਪੂਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਉੱਥੇ ਹੀ ਔਰਤ ਦਾ ਦੋਸ਼ ਹੈ ਕਿ ਉਸ ਤੇ ਹਮਲਾ ਕਰਨ ਵਾਲਾ ਉਸਦਾ ਆਪਣਾ ਹੀ ਘਰ ਵਾਲਾ ਸੀ , ਜਿਸ ਨਾਲ 2014 ਵਿੱਚ ਤਲਾਕ ਹੋਣ ਦੇ ਬਾਵਜੂਦ ਆਪਣੇ 11 ਸਾਲ ਦੇ ਬੱਚੇ ਦੇ ਭਵਿੱਖ ਕਾਰਨ ਉਹ ਆਪਣੇ ਘਰ ਵਾਲੇ ਨਾਲ ਹੀ ਰਹਿ ਰਹੀ ਸੀ ਪਰ ਹੁਣ ਦੋ ਕੋਠੀਆਂ ਜੋ ਔਰਤ ਦੇ ਨਾਮ ਹਨ ਉਹਨਾਂ ਨੂੰ ਆਪਣੇ ਨਾਂ ਕਰਾਉਣ ਲਈ ਉਸ ਦਾ ਘਰ ਵਾਲਾ ਉਸ ਨਾਲ ਮਾਰ ਕੁਟਾਈ ਕਰਦਾ ਹੈ। ਜਿਸਦੀ ਉਹ ਸਮੇਂ ਸਮੇਂ ਤੇ ਸ਼ਿਕਾਇਤ ਵੀ ਪੁਲਿਸ ਨੂੰ ਕਰ ਚੁੱਕੀ ਹੈ ਪਰ ਉਸ ਦੇ ਪਤੀ ਦਾ ਪਿਤਾ ਪੁਲਿਸ ਵਿੱਚ ਐਸ ਐਚ ਓ ਹੈ ਜਿਸ ਕਾਰਨ ਪੁਲਿਸ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ।
ਉਸਨੇ ਦੱਸਿਆ ਕਿ ਚਾਰ ਅਕਤੂਬਰ ਨੂੰ ਵੀ ਉਸ ਦੀ ਮਾਰ ਕੁਟਾਈ ਕੀਤੀ ਗਈ ਜਿਸਦੀ ਐਮ ਐਲ ਆਰ ਕੱਟੀ ਗਈ ਸੀ ਅਤੇ ਉਸ ਦੀ ਇੱਕ ਛੋਟੀ ਜਿਹੀ ਫੁਟੇਜ ਵੀ ਉਸ ਕੋਲ ਹੈ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਉਸਦੀ ਇੰਨੀ ਹਿੰਮਤ ਵੱਧ ਗਈ ਹੈ ਕਿ ਉਸਨੇ ਮੇਰੇ ਤੇ ਸਰੇ ਬਾਜ਼ਾਰ ਚਾਕੂਆਂ ਨਾਲ ਵਾਰ ਕਰ ਦਿੱਤੇ। ਉਸ ਨੇ ਮੰਗ ਕੀਤੀ ਹੈ ਕਿ ਉਸ ਦੇ ਦੋਸ਼ੀ ਪੱਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਉਸ ਤੋਂ ਉਸਨੂੰ ਜਾਣ ਦਾ ਖਤਰਾ ਬਣਿਆ ਹੋਇਆ ਹੈ।
ਉੱਥੇ ਹੀ ਮੌਕੇ ਤੇ ਪਹੁੰਚੇ ਮਾਮਲੇ ਦੇ ਤਫਤੀਸ਼ੀ ਅਫਸਰ ਸਬ ਇੰਸਪੈਕਟਰ ਸੋਮਲਾਲ ਨੇ ਦੱਸਿਆ ਸੀ ਕਿ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
