ਗੌਰਵ ਬਾਸੀ
ਜਲੰਧਰ 6 ਅਕਤੂਬਰ 2025,
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੋ-1 ਵਿੱਚ ਤੈਨਾਤ ਸੁਪਰਿੰਟੈਂਡੈਂਟ ਬਲਵੰਤ ਸਿੰਘ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਇਕ ਸੇਵਾਮੁਕਤ ਡਰਾਈਵਰ ਦੀ ਸ਼ਿਕਾਇਤ ਤੇ ਕੀਤੀ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਸੁਪਰਿੰਟੈਂਡੈਂਟ ਬਲਵੰਤ ਸਿੰਘ ਨੇ ਉਸਦੇ ਬਕਾਇਆ ਓਵਰਟਾਈਮ ਬਿੱਲ ਤਿਆਰ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿਚ ਗੱਲਬਾਤ ਦੌਰਾਨ 40 ਹਜ਼ਾਰ ਰੁਪਏ ‘ਚ ਸੌਦਾ ਤੈਅ ਹੋਇਆ।

ਉਸ ਨੇ ਦੱਸਿਆ ਕਿ ਲੇਬਰ ਕੋਰਟ ਵਿੱਚ ਚੱਲ ਰਹੇ ਇਕ ਕੇਸ ਦੌਰਾਨ ਵੀ ਵਿਧਮਾਨ ਸੁਪਰਿੰਟੈਂਡੈਂਟ ਪਹਿਲਾਂ ਹੀ ਉਸ ਤੋਂ ਕਿਸ਼ਤਾਂ ਵਿਚ 1 ਲੱਖ 54 ਹਜ਼ਾਰ ਰੁਪਏ ਲੈ ਚੁੱਕਾ ਸੀ, ਪਰ ਫਿਰ ਵੀ ਕੰਮ ਪੂਰਾ ਨਹੀਂ ਕੀਤਾ ਗਿਆ। ਫ਼ਿਰ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਨਿਆਂ ਦੀ ਅਪੀਲ ਕੀਤੀ।
ਸ਼ਿਕਾਇਤ ਦੀ ਪੁਸ਼ਟੀ ਹੋਣ ਮਗਰੋਂ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੀ ਟੀਮ ਨੇ ਜਾਲ ਬਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਬਲਵੰਤ ਸਿੰਘ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਨੇ ਉਕਤ ਅਧਿਕਾਰੀ ਖ਼ਿਲਾਫ਼ ਜਲੰਧਰ ਰੇਂਜ ਵਿਖੇ ਇੱਕ ਐਫ.ਆਈ.ਆਰ. ਦਰਜ ਕਰ ਲਈ ਹੈ।ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਅਗਲੇ ਦਿਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
