News99punjab,
ਲੁਧਿਆਣਾ 29 ਅਕਤੂਬਰ 2025:
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਅੱਜ ਪਰਿਵਾਰਾਂ ਤੇ ਬੱਚਿਆਂ ਸਮੇਤ ਲੁਧਿਆਣਾ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਅੱਗੇ ਆਊਟ ਸੋਰਸਡ ਠੇਕਾ ਕਾਮਿਆਂ ਨੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ ਸੂਬਾ ਸਹਾਇਕ ਸਕੱਤਰ ਟੇਕ ਚੰਦ ਸੂਬਾ ਦਫਤਰੀ ਸਕੱਤਰ ਸ਼ੇਰ ਸਿੰਘ, ਪ੍ਰੈਸ ਸਕੱਤਰ ਇੰਦਰਪ੍ਰੀਤ ਸਿੰਘ ਅਪਣੇ ਵਿਚਾਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਰਪੋਰੇਸ਼ਨ ਦੇ ਨਿਜੀਕਰਣ ਦੀਆਂ ਤਿਆਰੀਆਂ ਤੇਜ਼ ਕਰਨ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ 2025 ਬਿਜਲੀ ਸੋਧ ਬਿਲ ਖਰੜੇ ਨੂੰ ਰੱਦ ਕਰਨ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਸਮੂਹ ਆਉਟਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਸਮੇਤ ਘੱਟੋ ਘੱਟ 1948 ਐਕਟ ਮੁਤਾਬਕ ਜਾਂ 15ਵੀਂ ਲੇਬਰ ਕਾਨਫਰੰਸ ਤਹਿਤ ਤਨਖਾਹ ਜਾਰੀ ਕਰਨ ਬਿਜਲੀ ਮਹਿਕਮੇ ਵਿੱਚੋਂ ਖਤਮ ਕੀਤੀਆਂ ਪੋਸਟਾਂ ਨੂੰ ਦੁਬਾਰਾ ਭਰਨ ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਕਾਮਿਆਂ ਦੇ ਵਾਰਸਾਂ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਅਤੇ ਕਾਨੂੰਨ ਮੁਤਾਬਕ ਮਿਲਣ ਯੋਗ ਮੁਆਵਜ਼ੇ ਦੀ ਗਰੰਟੀ ਕਰਨ ਦੀ ਨਾਰਿਆਂ ਦੀ ਆਵਾਜ਼ ‘ਚ ਮੰਗ ਕੀਤੀ ।
ਬਿਜਲੀ ਖੇਤਰ ਵਿੱਚ ਕੰਮ ਕਰਦੇ ਰੈਗੂਲਰ, ਆਊਟਸੋਰਸਡ ਅਤੇ ਪੈਨਸ਼ਨਰ ਸਾਥੀਆਂ ਨੂੰ ਅਪੀਲ ਕੀਤੀ ਕਿ ਨਿਜੀਕਰਣ ਦੇ ਇਸ ਤਬਾਹਕੁੰਨ ਹੱਲੇ ਵਿਰੁੱਧ ਵਿਸ਼ਾਲ, ਸਾਂਝੇ, ਲੰਬੇ ਅਤੇ ਤਿੱਖੇ ਸੰਘਰਸ਼ ਦੀਆਂ ਜ਼ੋਰਦਾਰ ਤਿਆਰੀਆਂ ਵਿੱਚ ਜੁਟਣ ਦੀ ਲੋੜ ਹੈ ਕਿਉਂਕਿ ਪੰਜਾਬ ਸਰਕਾਰ ਪਿਛਲੇ ਦਿਨਾਂ ਤੋਂ ਜਿਸ ਕਿਸਮ ਦੇ ਕਦਮ ਲੈ ਰਹੀ ਹੈ ਉਨ੍ਹਾਂ ਤੋਂ ਸਪੱਸ਼ਟ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਜਲਦੀ ਹੀ ਬਿਜਲੀ ਕਾਰਪੋਰੇਸ਼ਨ ਦਾ ਭੋਗ ਪਾਉਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।
ਉਨ੍ਹਾਂ ਕਿਹਾ ਕਿ ਨਿੱਜੀਕਰਣ ਦੀ ਲੋੜ ਵਜੋਂ ਲਏ ਜਾ ਰਹੇ ਇਹ ਕਦਮ ਬੜੇ ਸਾਜ਼ਿਸ਼ੀ ਅਤੇ ਧੋਖੇ ਭਰੇ ਢੰਗ ਤਰੀਕੇ ਨਾਲ ਲਏ ਜਾ ਰਹੇ ਹਨ। ਇੱਕ ਪਾਸੇ ਇਸ ਤਬਾਹਕੁੰਨ ਹਮਲੇ ਨੂੰ ਲਾਗੂ ਕਰਦਿਆਂ ਖਪਤਕਾਰਾਂ ਪ੍ਰਤੀ ਝੂਠਾ ਹੇਜ ਜਤਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਿਜਲੀ ਮੰਤਰੀ ਅਤੇ ਪਾਵਰਕਾਮ ਮਨੇਜਮੈਂਟ ਵਲੋਂ ਕੰਮ ਦੌਰਾਨ ਮੈਨ ਪਾਵਰ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਨਵੀਂ ਅਤੇ ਪੱਕੀ ਭਰਤੀ ਕਰਨ ਦੀ ਥਾਂ, ਠੇਕੇ ’ਤੇ ਬਾਹਰੀ ਸਰੋਤਾਂ ਤੋਂ ਲੇਬਰ ਦਾ ਪ੍ਰਬੰਧ ਕਰਨ ਦੇ ਹੋਰ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਜਿਨ੍ਹਾਂ ਦਾ ਮਕਸਦ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁੱਹਈਆ ਕਰਨਾ ਨਹੀਂ ਸਗੋਂ ਨਿਜੀਕਰਣ ਵਿਰੁੱਧ ਸੰਘਰਸ਼ ਨੂੰ ਅਸਫਲ ਬਣਾਉਣ ਦੀ ਸਾਜ਼ਿਸ਼ ਹੈ। ਜਿਸ ਨੂੰ ਅਸਫਲ ਬਣਾ ਕੇ ਨਿਜੀਕਰਣ ਵਿਰੁੱਧ ਸੰਘਰਸ਼ ਨੂੰ ਸਫ਼ਲ ਬਣਾਉਣ ਦੀ ਲੋੜ ਹੈ। ਇਸ ਹਾਲਤ ਵਿੱਚ ਸਭ ਤੋਂ ਪਹਿਲੀ ਲੋੜ ਵੱਖ ਵੱਖ ਜਥੇਬੰਦੀਆਂ ਵਿੱਚ ਵੰਡੇ ਹੋਏ ਬਿਜਲੀ ਮੁਲਾਜ਼ਮ ਸਾਥੀਆਂ ਨੂੰ ਇੱਕ ਸਾਂਝੇ ਸੰਘਰਸ਼ ਦੇ ਪਲੇਟਫਾਰਮ ’ਤੇ ਇਕੱਠੇ ਕਰਨ ਦੀ ਅਹਿਮ ਲੋੜ ਹੈ ਅਤੇ ਦੂਸਰੇ ਪਾਸੇ ਨਿਜੀਕਰਣ ਦੀ ਮਾਰ ਹੇਠ ਆਉਣ ਵਾਲੇ ਖਪਤਕਾਰਾਂ ਨੂੰ ਸਰਕਾਰ ਦੇ ਝੂਠੇ ਹੇਜ ਦੇ ਧੋਖੇ ਪਿੱਛੇ ਛੁਪੇ ਸੱਚ ਨੂੰ ਉਜਾਗਰ ਕਰਕੇ ਨਿਜੀਕਰਣ ਵਿਰੁੱਧ ਸੰਘਰਸ਼ ਨੂੰ ਵਿਸ਼ਾਲ, ਸਾਂਝੇ ਅਤੇ ਤਿੱਖਾ ਕਰਨ ਦੀ ਲੋੜ ਹੈ।
ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਅਤੇ ਪਾਵਰਕੋਮ ਬੋਰਡ ਮੈਨੇਜਮੈਂਟ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲਿਆ ਜਿਸ ਵਿੱਚ ਪਾਵਰਕੌਮ ਬੋਰਡ ਮੈਨੇਜਮੈਂਟ ਵੱਲੋਂ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਦਾ ਅਜੰਡਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਪਰ ਪੰਜਾਬ ਦੀ ਸਰਕਾਰ ਉਸ ਏਜੰਡੇ ਨੂੰ ਹਲੇ ਤੱਕ ਲਾਗੂ ਨਹੀਂ ਕੀਤਾ ਗਿਆ ਠੇਕਾ ਕਾਮਿਆਂ ਨੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਗਈ ਕਿ ਨਿੱਜੀਕਰਨ ਦੀ ਨੀਤੀ 2003 ਸਮੇਤ ਲਿਆਂਦੇ ਜਾ ਰਹੇ 2025 ਦੇ ਖਰੜੇ ਨੂੰ ਰੱਦ ਕੀਤਾ ਜਾਵੇ ।
ਆਹਲੂਵਾਲੀਆ ਦੀਆਂ ਰਿਪੋਰਟਾਂ ਨੂੰ ਖਾਰਜ ਕਰਕੇ ਲਗਾਈ ਗਈ ਪੋਸਟਾਂ ਉੱਤੇ ਰੋਕ ਨੂੰ ਹਟਾਇਆ ਜਾਵੇ ਅਤੇ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਕੇ ਸਮੂਹ ਆਉਟ ਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇ ਸਮੇਤ ਕਾਮਿਆਂ ਨੂੰ 1948 ਐਕਟ ਮੁਤਾਬਕ ਜਾਂ 15ਵੀਂ ਲੇਬਰ ਕਾਨਫਰੰਸਾਂ ਦੀਆਂ ਸਿਫਾਰਸ਼ਾਂ ਦੇ ਤਹਿਤ ਤਨਖਾਹ ਨਿਸ਼ਚਿਤ ਕੀਤੀ ਜਾਵੇ ਅਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਜਾਨਾਂ ਗਵਾ ਚੁੱਕੇ ਕਾਮਿਆਂ ਦੇ ਵਾਰਸਾਂ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ ਅਤੇ ਚੀਫ ਇੰਜੀਨੀਅਰ ਲੁਧਿਆਣਾ ਦੇ ਵੱਲੋਂ ਨੋਡਲ ਸੈਂਟਰ ਸਮੇਤ ਦਫਤਰਾਂ ਚ ਕੰਮ ਕਰਦੀਆਂ ਲੜਕੀਆਂ ਉਤੇ ਝੂਠੇ ਕੇਸ ਪਾ ਕੇ ਨੌਕਰੀ ਤੋਂ ਕੱਢਣ ਦੀ ਜ਼ੋਰਦਾਰ ਨਿਖੇਦੀ ਕਰਦੇ ਹੋਏ ਮੰਗ ਕੀਤੀ ਕਿ ਝੂਠੇ ਕੇਸ ਰੱਦ ਕਰਨ ਸਮੇਤ ਲੜਕੀਆਂ ਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ ।
ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
