ਲਲਿਤ ਕੁਮਾਰ
ਅੰਮ੍ਰਿਤਸਰ 26 ਅਕਤੂਬਰ 2025:
ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਵੱਡੀ ਕਾਰਵਾਈ ਕਰਦਿਆਂ ਆਤੰਕੀ ਨੈੱਟਵਰਕ ਨਾਲ ਜੁੜੇ ਆਪਰੇਟਿਵ ਮਨਪ੍ਰੀਤ ਸਿੰਘ ਉਰਫ਼ ਟਿੱਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ .30 ਬੋਰ ਦੀ ਅਧੁਨਿਕ ਪਿਸਤੌਲ ਤੇ ਜਿੰਦੇ ਕਾਰਤੂਸ ਬਰਾਮਦ ਕੀਤੇ ਹਨ।ਪੁਲਿਸ ਪੁੱਛਗਿੱਛ ਦੌਰਾਨ ਮਨਪ੍ਰੀਤ ਸਿੰਘ ਦੇ ਖੁਲਾਸੇ ‘ਤੇ ਦੋ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IEDs) ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਾਈ ਗ੍ਰੇਡ ਆਰਡੀਐਕਸ ਤੇ ਟਾਈਮਰ ਲੱਗੇ ਹੋਏ ਸਨ।
ਇਹ ਦੋਵੇਂ ਬੰਬ ਲਗਭਗ 2.5 ਕਿਲੋਗ੍ਰਾਮ ਹਰੇਕ ਵਜ਼ਨ ਵਾਲੇ ਸਨ ਤੇ ਪਿੰਡ ਕੋਟਲਾ ਤਰਖਾਣਾ ਇਲਾਕੇ ਤੋਂ ਲੱਭੇ ਗਏ।ਪਹਿਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਮਨਪ੍ਰੀਤ ਸਿੰਘ ਆਰਮੀਨੀਆ, ਯੂ.ਕੇ. ਅਤੇ ਜਰਮਨੀ ਵਿਚ ਬੈਠੇ ਆਪਣੇ ਹੈਂਡਲਰਾਂ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਸੀ। ਇਹ ਹੈਂਡਲਰ ਅੱਗੇ ਤੋਂ ਪਾਕਿਸਤਾਨ ਵਿਚ ਬੈਠੇ ਇੱਕ ਪਾਬੰਦੀਸ਼ੁਦਾ ਆਤੰਕੀ ਸੰਗਠਨ ਦੇ ਮਾਸਟਰਮਾਈਂਡ ਤੋਂ ਹਦਾਇਤਾਂ ਲੈ ਰਹੇ ਸਨ।ਇਸ ਮਾਮਲੇ ਦੀ ਐੱਫ.ਆਈ.ਆਰ. ਐੱਸ.ਐੱਸ.ਓ.ਸੀ. ਅੰਮ੍ਰਿਤਸਰ ਥਾਣੇ ਵਿੱਚ ਦਰਜ ਕੀਤੀ ਗਈ ਹੈ।
ਪੁਲਿਸ ਹੁਣ ਇਸ ਦੇ ਪਿੱਛੇ ਪੂਰੇ ਨੈੱਟਵਰਕ ਦੀਆਂ ਕੜੀਆਂ ਦੀ ਪਛਾਣ ਕਰਕੇ ਪੂਰੇ ਮੋਡੀਊਲ ਨੂੰ ਨਸ਼ਟ ਕਰਨ ਦੇ ਯਤਨਾਂ ਵਿੱਚ ਜੁਟੀ ਹੋਈ ਹੈ।ਪੰਜਾਬ ਪੁਲਿਸ ਨੇ ਦੋਹਰਾਇਆ ਹੈ ਕਿ ਰਾਜ ਵਿੱਚ ਅਮਨ-ਚੈਨ ਅਤੇ ਸੁਰੱਖਿਆ ਬਣਾਈ ਰੱਖਣ ਲਈ ਆਤੰਕਵਾਦ ਵਿਰੋਧੀ ਕਾਰਵਾਈ ਹੋਰ ਸਖ਼ਤੀ ਨਾਲ ਜਾਰੀ ਰਹੇਗੀ।
