ਅਰਵਿੰਦਰ ਤਨੇਜਾ
ਅਬੋਹਰ, 11 ਦਸੰਬਰ 2025:
ਹਨੁਮਾਨਗੜ੍ਹ ਰੋਡ ‘ਤੇ ਸਥਿਤ ਪਿੰਡ ਅਮਰਪੁਰਾ ਵਿੱਚ ਅੱਜ ਦਿਉਂਹੇ ਦੌਰਾਨ ਇੱਕ ਮਜ਼ਦੂਰ ਦੇ ਘਰ ਵਿੱਚ ਸਿਲੈਂਡਰ ਤੋਂ ਗੈਸ ਲੀਕੇਜ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਅੱਗ ਇਸ ਕਦਰ ਭਿਆਨਕ ਤਰੀਕੇ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿਚ ਘਰ ਦੇ ਅੰਦਰ ਰੱਖਿਆ ਸਾਰਾ ਸਮਾਨ ਸੁਆਹ ਹੋ ਗਿਆ। ਹਾਲਾਂਕਿ ਘਰ ਦੇ ਮੈਂਬਰ ਸਮੇਂ ਸਿਰ ਬਾਹਰ ਨਿਕਲ ਆਏ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਵ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਪਵਨ ਕੂਮਾਰ ਪੁੱਤਰ ਗੁਰਦਿਆਲ ਰਾਮ, ਜੋ ਦਿਹਾਡ਼ੀ ਮਜ਼ਦੂਰੀ ਕਰਦਾ ਹੈ, ਆਪਣੀ ਪਤਨੀ ਅਤੇ ਢਾਈ ਮਹੀਨੇ ਦੇ ਬੱਚੇ ਸਮੇਤ ਇੱਕ ਕਮਰੇ ਵਾਲੇ ਘਰ ਵਿੱਚ ਰਹਿੰਦਾ ਹੈ। ਅੱਜ ਉਸਨੇ ਨਵਾਂ ਗੈਸ ਸਿਲੈਂਡਰ ਲਿਆਂਦਾ ਸੀ ਤੇ ਉਸਨੂੰ ਚੂਲੇ ਨਾਲ ਜੋੜਦੇ ਹੀ ਅਚਾਨਕ ਅੱਗ ਭਭਕ ਉਠੀ। ਘਰਵਾਲੇ ਤੁਰੰਤ ਬਾਹਰ ਦੌੜੇ ਅਤੇ ਬੱਚੇ ਨੂੰ ਸੁਰੱਖਿਅਤ ਥਾਂ ਤੇ ਲੈ ਗਏ।
ਇਸ ਸਮੇਂ ਤਕ ਅੱਗ ਨੇ ਕਮਰੇ ਵਿੱਚ ਰੱਖੇ ਫਰਨੀਚਰ, ਕੱਪੜੇ, ਰਾਸ਼ਨ ਤੇ ਹੋਰ ਸਾਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ।ਇਲਾਕਾ ਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਅਬੋਹਰ ਤੋਂ ਅੱਗ ਬੁਝਾਉ ਗੱਡੀ ਮੌਕੇ ‘ਤੇ ਪਹੁੰਚੀ ਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਸਮੇਂ ‘ਤੇ ਕਾਰਵਾਈ ਨਾ ਹੁੰਦੀ ਤਾਂ ਸਿਲੈਂਡਰ ਫਟਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ।
